Qaida-E-Noor

ਕਾਇਦਾ–ਏ–ਨੂਰ

ਰਚਨਾਤਮਕਤਾ ਇੱਕ ਬ੍ਰਹਿਮੰਡੀ ਸ਼ਕਤੀ ਹੈ ਅਤੇ ਪੰਜਾਬ ਦੀ ਧਰਤੀ ਨੂੰ ਵਰ ਪ੍ਰਾਪਤ ਹੈ ਕਿ ਮੁੱਢ ਕਦੀਮ ਤੋਂ ਇਸ ਰਚਨਾਤਮਕਤਾ ਨਾਲ ਵਰੋਸੋਈ ਹੋਈ ਹੈ। ਇਸ ਧਰਤੀ ‘ਤੇ ਰਿਗਵੇਦ ਦੀ ਰਚਨਾ ਹੋਈ ਅਤੇ ਇਹ ਰਚਨਾਤਮਕਤਾ ਦਾ ਪ੍ਰਵਾਹ ਅੱਜ ਤੱਕ ਜਾਰੀ ਹੈ। ਮਹਾਰਾਜਾ ਰਣਜੀਤ ਸਿੰਘ ਜੋ ਇਕ ਵਿੱਦਿਆ ਪ੍ਰੇਮੀ ਸਨ, ਉਨ੍ਹਾਂ ਦੇ ਰਾਜ ਕਾਲ ਵਿਚ ਉਮਦਾਉ ਤਵਾਰੀਖ਼ ਅਤੇ ਜਫ਼ਰਨਾਮਾ ਰਣਜੀਤ ਸਿੰਘ, ਹਿੰਦੋਸਤਾਨ ਦਾ ਇਤਿਹਾਸ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਹ ਸਿੱਖਿਆ ਦੀ ਮਹੱਤਤਾ ਸਮਝਦੇ ਸਨ। ਆਪਣੇ ਲੋਕਾਂ ਨੂੰ ਸਿੱਖਿਅਤ ਕਰਨ ਹਿੱਤ ਉਨ੍ਹਾਂ ਨੇ ਆਪਣੇ ਰਾਜ ਵਿਚ ਕਾਇਦਾ–ਏ–ਨੂਰ ਤਿਆਰ ਕਰਵਾਇਆ। ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਸਿੱਖਿਆ ਪ੍ਰਤੀ ਉਸਾਰੂ ਸੋਚ ਦਾ ਪ੍ਰਗਟਾਵਾ ਹੈ। ਕਾਇਦਾ–ਏ–ਨੂਰ ਦੀ ਮਹੱਤਤਾ ਵੇਖਦੇ ਹੋਏ ਜਗਤ ਪੰਜਾਬੀ ਸਭਾ ਵੱਲੋਂ ਅਜੈਬ ਸਿੰਘ ਚੱਠਾ ਦੀ ਰਹਿਨੁਮਾਈ ਹੇਠ ‘ਕਾਇਦਾ ਏ ਨੂਰ ਇੱਕੀਵੀਂ ਸਦੀ’ ਤਿਆਰ ਕੀਤਾ ਗਿਆ ਹੈ।

‘ਕਾਇਦਾ–ਏ–ਨੂਰ ਇੱਕੀਵੀਂ ਸਦੀ’ ਹਰ ਉਮਰ ਅਤੇ ਹਰ ਵਰਗ ਦੇ ਵਿਅਕਤੀ ਦੇ ਪੜ੍ਹਨ ਯੋਗ ਪੁਸਤਕ ਹੈ। ਇਸ ਕਾਇਦੇ ਰਾਹੀਂ ਇਕੋ ਵਕਤ ਚਾਰ ਭਾਸ਼ਾਵਾਂ ਸ਼ਾਹਮੁੱਖੀ, ਗੁਰਮੁੱਖੀ, ਹਿੰਦੀ ਅਤੇ ਅੰਗਰੇਜ਼ੀ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਚਾਰ ਭਾਸ਼ਾਵਾਂ ਆਸਾਨੀ ਨਾਲ ਸਿੱਖੀਆਂ ਜਾ ਸਕਦੀਆਂ ਹਨ। ਇਸ ਕਾਇਦੇ ਰਾਹੀਂ ਨੈਤਿਕਤਾ, ਵਾਤਾਵਰਣ, ਪੰਜਾਬ ਦੀ ਆਮ ਜਾਣਕਾਰੀ ਅਤੇ ਚਿੱਠੀ ਪੱਤਰ ਲਿਖਣ ਸੰਬੰਧੀ ਜਾਣਕਾਰੀ ਹਰ ਵਿਅਕਤੀ ਸਿੱਖ ਸਕਦਾ ਹੈ। ਰੋਜ਼ਾਨਾ ਜੀਵਨ ਵਿਚ ਗੱਲਬਾਤ ਦਾ ਢੰਗ ਤਰੀਕਾ ਅਤੇ ਗੱਲ ਕਰਨ ਲਈ ਆਤਮ ਵਿਸ਼ਵਾਸ ਵਧਾਉਣ ਵਿਚ ਇਹ ਪੁਸਤਕ ਸਹਾਈ ਸਿੱਧ ਹੋਵੇਗੀ। ਮਾਂ-ਬੋਲੀ ਵਿਚ ਗਿਆਨ ਲੈਣਾ ਸੌਖਾ ਹੁੰਦਾ ਹੈ। ਬੱਚਿਆਂ ਉਪਰ ਦਿਮਾਗ਼ੀ ਬੋਝ ਨਹੀਂ ਵਧੇਗਾ ਅਤੇ ਮਾਪਿਆਂ ਨੂੰ ਵੀ ਵਿੱਤੀ ਬੋਝ ਤੋਂ ਰਾਹਤ ਮਿਲੇਗੀ। ਜ਼ਿੰਦਗੀ ਵਿਚ ਕੰਮ ਆਉਣ ਵਾਲਾ ਗਿਆਨ ਪ੍ਰਾਪਤ ਕਰਕੇ ਵਧੀਆ ਇਨਸਾਨ ਬਣ ਕੇ, ਵਧੀਆ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਪੰਜਾਬੀਆਂ ਲਈ ਇਸ ਪੁਸਤਕ ਰਾਹੀਂ ਵਿੱਦਿਆ ਦੇ ਖੇਤਰ ਵਿਚ ਕ੍ਰਾਂਤੀ ਆਵੇਗੀ ਅਤੇ ਇਸ ਪੁਸਤਕ ਨਾਲ ਜਿੱਥੇ ਆਮ ਸਾਧਾਰਨ ਵਿਅਕਤੀ ਸਿੱਖਿਅਤ ਹੋਵੇਗਾ ਉੱਥੇ ਉਹ ਸਮਾਜ ਨੂੰ ਸੋਹਣਾ ਬਣਾਉਣ ਵਿਚ ਵੀ ਸਹਾਈ ਹੋਵੇਗਾ।

ਪ੍ਰਾਪਤ ਕਰਨ ਦਾ ਪਤਾ ਅਤੇ ਕੀਮਤ

ਅਰਵਿੰਦਰ ਸਿੰਘ ਢਿਲੋਂ

ਸੰਪਰਕ : +91 94175 76390